ਜਲਵਾਯੂ ਪਰਿਵਰਤਨ ਅਨੁਕੂਲਤਾ ਅਤੇ ਗ੍ਰੀਨਹਾਊਸ ਗੈਸ ਰੋਕਥਾਮ' ਵਿਸ਼ੇ 'ਤੇ ਪ੍ਰੋਗਰਾਮ ਕਰਵਾਇਆ
ਅਸ਼ੋਕ ਵਰਮਾ
ਬਠਿੰਡਾ,29 ਮਾਰਚ2024: ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਸਕੂਲ ਆਫ਼ ਐਨਵਾਇਰਮੈਂਟ ਐਂਡ ਅਰਥ ਸਾਇੰਸਜ਼ ਅਧੀਨ ਵਾਤਾਵਰਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਵੱਲੋਂ ਪੰਜਾਬ ਰਾਜ ਵਿਗਿਆਨ ਅਤੇ ਤਕਨਾਲੋਜੀ ਕੌਂਸਲ (ਪੀ.ਐਸ.ਸੀ.ਐਸ.ਟੀ.) ਅਤੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ (ਡੀਐਸਟੀ) ਦੇ ਸਹਿਯੋਗ ਨਾਲ ‘ਅਡਾਪਟੇਸ਼ਨ ਟੂ ਕਲਾਈਮੇਟ ਚੇਂਜ ਐਂਡ ਗ੍ਰੀਨਹਾਊਸ ਗੈਸ ਮਿਟੀਗੇਸ਼ਨ' ਵਿਸ਼ੇ ਤੇ ਸਮਰੱਥਾ ਨਿਰਮਾਣ ਪ੍ਰੋਗਰਾਮ ਕਰਵਾਇਆ ਗਿਆ।
ਮੇਜਰ ਡਾ. ਗੁਲਸ਼ਨ ਸ਼ਰਮਾ (ਸੇਵਾਮੁਕਤ), ਡਾਇਰੈਕਟਰ ਜਨਰਲ, ਚੈਂਬਰ ਫਾਰ ਸਰਵਿਸ ਇੰਡਸਟਰੀ (ਸੀਐਸਆਈ) ਅਤੇ ਇੰਜੀਨੀਅਰ ਸਚਿਦਾਨੰਦ ਸਿੰਘ, ਵਿਗਿਆਨੀ-ਬੀ, ਡਬਲਯੂਐਚਆਰਸੀ-ਜੰਮੂ, ਨੈਸ਼ਨਲ ਇੰਸਟੀਚਿਊਟ ਆਫ਼ ਹਾਈਡਰੋਲੋਜੀ, ਨੇ ਕ੍ਰਮਵਾਰ ਮੁੱਖ ਬੁਲਾਰੇ ਅਤੇ ਵਿਸ਼ੇਸ਼ ਬੁਲਾਰੇ ਵਜੋਂ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ।
ਭਾਗੀਦਾਰਾਂ ਨੂੰ ਸੰਬੋਧਨ ਕਰਦਿਆਂ, ਵਿਸ਼ੇਸ਼ ਬੁਲਾਰੇ ਇੰਜਨੀਅਰ ਸਚਿਦਾਨੰਦ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਜਲਵਾਯੂ ਪਰਿਵਰਤਨ ਮੌਜੂਦਾ ਸਮੇਂ ਦੇ ਸਭ ਤੋਂ ਵਿਆਪਕ ਮੁੱਦਿਆਂ ਵਿੱਚੋਂ ਇੱਕ ਹੈ, ਜਿਸ ਦੇ 21ਵੀਂ ਸਦੀ ਵਿੱਚ ਦੂਰਗਾਮੀ ਪ੍ਰਭਾਵ ਹੋਣਗੇ। ਅਚਾਨਕ ਹੜ੍ਹਾਂ ਅਤੇ ਸੋਕੇ ਦੇ ਕਾਰਨਾਂ ਦੀ ਚਰਚਾ ਕਰਦੇ ਹੋਏ, ਉਸਨੇ ਸਮੁੰਦਰ ਦੇ ਪੱਧਰ ਵਿੱਚ ਲਗਾਤਾਰ ਵਾਧੇ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਗ੍ਰੀਨ ਹਾਊਸ ਗੈਸਾਂ ਦੇ ਵਹਾਅ ਨੂੰ ਘਟਾਉਣ ਦੀ ਮਹੱਤਤਾ ਬਾਰੇ ਚਰਚਾ ਕੀਤੀ।ਮੁੱਖ ਬੁਲਾਰੇ ਮੇਜਰ ਡਾ. ਗੁਲਸ਼ਨ ਸ਼ਰਮਾ ਨੇ ਆਪਣੇ ਸੰਬੋਧਨ ਵਿਚ ਜਲਵਾਯੂ ਪਰਿਵਰਤਨ ਦੇ ਅਨੁਕੂਲ ਹੋਣ ਬਾਰੇ ਗੱਲ ਕੀਤੀ | ਉਨ੍ਹਾਂ ਕਿਹਾ ਕਿ ਸ਼ਹਿਰੀ ਖੇਤਰਾਂ ਅਤੇ ਮਹਾਨਗਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਉੱਤਰ-ਪੂਰਬੀ ਭਾਰਤ ਵਿੱਚ ਰਹਿਣ ਵਾਲੇ ਲੋਕਾਂ ਤੋਂ ਪ੍ਰੇਰਨਾ ਲੈਣ ਦੀ ਲੋੜ ਹੈ, ਕਿਉਂਕਿ ਉਨ੍ਹਾਂ ਨੇ ਆਪਣੇ ਖੇਤਰ ਦੀ ਕੁਦਰਤੀ ਸੁੰਦਰਤਾ ਨੂੰ ਬਰਕਰਾਰ ਰੱਖਿਆ ਹੈ।
ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਗਰੀਨ ਹਾਊਸ ਗੈਸਾਂ ਦੇ ਨਿਕਾਸ ਨੂੰ ਘਟਾ ਕੇ ਵਾਤਾਵਰਣ ਦੀ ਸੁਰੱਖਿਆ ਲਈ ਯੋਗਦਾਨ ਪਾਉਣ ਦੀ ਲੋੜ ਹੈ। ਡਾ. ਸ਼ਰਮਾ ਨੇ ਕੁਦਰਤੀ ਖੇਤਰਾਂ ਦੀ ਸਥਾਪਨਾ ਦੇ ਮਹੱਤਵ 'ਤੇ ਜ਼ੋਰ ਦਿੱਤਾ ਅਤੇ ਨੇਚਰ ਟੂਰਿਜ਼ਮ ਦੇ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਨੌਜਵਾਨਾਂ ਦੀ ਭੂਮਿਕਾ ਨੂੰ ਰੇਖਾਂਕਿਤ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਨੇਚਰ ਟੂਰਿਜ਼ਮ ਵਿੱਚ ਐਮਬੀਏ ਵਰਗੇ ਵਿਦਿਅਕ ਪ੍ਰੋਗਰਾਮ ਸ਼ੁਰੂ ਕਰਨ ਦਾ ਸੁਝਾਅ ਦਿੱਤਾ।ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਵਾਈਸ ਚਾਂਸਲਰ ਪ੍ਰੋਫੈਸਰ ਰਾਘਵੇਂਦਰ ਪ੍ਰਸਾਦ ਤਿਵਾੜੀ ਨੇ ਕਿਹਾ ਕਿ ਸਾਡੀ ਪ੍ਰਾਚੀਨ ਸੰਸਕ੍ਰਿਤੀ ਅਤੇ ਭਾਰਤੀ ਗਿਆਨ ਪ੍ਰਣਾਲੀ ਨੇ ਹਮੇਸ਼ਾ ਸਾਨੂੰ ਟਿਕਾਊ ਜੀਵਨ ਸ਼ੈਲੀ ਦੇ ਅਭਿਆਸਾਂ ਨੂੰ ਅਪਣਾਉਣ ਅਤੇ ਆਪਣੇ ਵਾਤਾਵਰਨ ਦੀ ਸੰਭਾਲ ਲਈ ਮਾਰਗਦਰਸ਼ਨ ਪ੍ਰਦਾਨ ਕੀਤਾ ਹੈ।
ਉਨ੍ਹਾਂ ਨੇ ਕਿਹਾ ਕਿ ਜਲਵਾਯੂ ਪਰਿਵਰਤਨ ਦੀ ਚੁਣੌਤੀ ਨਾਲ ਨਜਿੱਠਣ ਲਈ ਵਿਗਿਆਨੀਆਂ ਨੂੰ ਨਵਿਆਉਣਯੋਗ ਊਰਜਾ ਸਰੋਤਾਂ ਦੀ ਸਰਵੋਤਮ ਵਰਤੋਂ ਅਤੇ ਗ੍ਰੀਨਹਾਊਸ ਗੈਸਾਂ ਨੂੰ ਘਟਾਉਣ ਲਈ ਨਵੀਨਤਾਕਾਰੀ ਹੱਲਾਂ ਸੰਬੰਧੀ ਖੋਜ ਨੂੰ ਪ੍ਰਮੁੱਖਤਾ ਦੇਣੀ ਹੋਵੇਗੀ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਸਕੂਲ ਆਫ਼ ਐਨਵਾਇਰਮੈਂਟ ਐਂਡ ਅਰਥ ਸਾਇੰਸਜ਼ ਦੇ ਡੀਨ ਅਤੇ ਈਵੀਐਸਟੀ ਵਿਭਾਗ ਦੀ ਮੁਖੀ ਡਾ. ਯੋਗਲਕਸ਼ਮੀ ਕੇ.ਐਨ. ਨੇ ਭਾਗ ਲੈਣ ਵਾਲਿਆਂ ਦਾ ਸਵਾਗਤ ਕੀਤਾ। ਡਾ. ਸੁਨੀਲ ਮਿੱਤਲ, ਐਸੋਸੀਏਟ ਪ੍ਰੋਫੈਸਰ ਅਤੇ ਪ੍ਰੋਗਰਾਮ ਕੋਆਰਡੀਨੇਟਰ, ਈ.ਵੀ.ਐਸ.ਟੀ. ਵਿਭਾਗ ਨੇ ਪ੍ਰੋਗਰਾਮ ਵਿਸ਼ੇ 'ਤੇ ਚਾਨਣਾ ਪਾਇਆ। ਭੂਗੋਲ ਵਿਭਾਗ ਦੇ ਮੁਖੀ ਡਾ. ਸ਼ਰੂਤੀ ਕੰਗਾ ਨੇ ਮੁੱਖ ਬੁਲਾਰੇ ਵਜੋਂ ਜਾਣ-ਪਛਾਣ ਕਰਵਾਈ |